ਟੋਡੀ ਮਹਲਾ ੫ ॥
ਹਰਿ ਹਰਿ ਚਰਨ ਰਿਦੈ ਉਰ ਧਾਰੇ ॥ ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ਰਹਾਉ॥
ਪੁੰਨ ਦਾਨ ਪੂਜਾ ਪਰਮੇਸਰੁ ਹਰਿ ਕੀਰਤਿ ਤਤੁ ਬੀਚਾਰੇ ॥ ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥
ਸ੍ਰੀ ਗੁਰੂ ਗ੍ਰੰਥ ਸਾਹਿਬ – ੭੧੮
ਵਿਆਖਿਆ :
ਹੇ ਭਾਈ !
ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਸਾਂਭ ਰੱਖ । ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ ।੧।ਰਹਾਉ।
ਹੇ ਭਾਈ !
ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ ਪੁੰਨਦਾਨ ਹੈ । ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ ।੧।
ਹੇ ਭਾਈ !
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ (ਸੇਵਕ) ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੁੜ ਨਹੀਂ ਪੁੱਛਦਾ। ਹੇ ਨਾਨਕ ! (ਆਖ ) ਮੈਂ ਭੀ ਪਰਮਾਤਮਾ ਦੇ ਰਤਨ (ਵਰਗੇ ਕੀਮਤੀ) ਨਾਮ ਨੂੰ ਆਪਣੇ ਗਲੇ ਵਿਚ ਪ੍ਰੋ ਲਿਆ ਹੈ, ਨਾਮ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ।੨।੧੧।੩
